ਗਿਆਨੀ ਗੁਰਦਿੱਤ ਸਿੰਘ: ਜਨਮ ਦਿਨ ‘ਤੇ ਵਿਸ਼ੇਸ਼
ਡਾ: ਡੀ. ਬੀ. ਰਾਏ
ਸੱਭਿਅਤਾ ਦੀ ਵੱਡੀ ਜ਼ਿੰਮੇਵਾਰੀ ਲੇਖਕਾਂ, ਬੁੱਧੀਜੀਵੀਆਂ ਅਤੇ ਸਫਲ ਪ੍ਰਸ਼ਾਸਕਾਂ ‘ਤੇ ਹੁੰਦੀ ਹੈ। ਉਨ੍ਹਾਂ ਪਾਸ ਡੂੰਘਾ ਅਨੁਭਵ, ਉੱਚੀ ਕਲਪਨਾ, ਮੌਲਿਕ ਦ੍ਰਿਸ਼ਟੀਕੋਣ ਅਤੇ ਵਧੀਆ ਰਹਿਣ ਢੰਗ ਹੁੰਦਾ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਜੋ ਰੂਪ ਸਾਡੇ ਸਾਹਮਣੇ ਹੈ, ਉਸ ਨੂੰ ਸਿਰਜਣ ਅਤੇ ਸੰਵਾਰਨ ਵਿਚ ਵੱਖ-ਵੱਖ ਸਮਿਆਂ ਵਿਚ ਵਿਚਰਨ ਵਾਲੀਆਂ ਸ਼ਖ਼ਸੀਅਤਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਨ੍ਹਾਂ ਵਿਚੋਂ ਇਕ ਸ਼ਖ਼ਸੀਅਤ ਗਿਆਨੀ ਗੁਰਦਿੱਤ ਸਿੰਘ ਜੀ ਸਨ। ਗਿਆਨੀ ਜੀ ਮਹਿਜ਼ ਇਕ ਵਿਅਕਤੀ ਨਹੀਂ, ਪ੍ਰਤਿਭਾ ਸਨ, ਬਹੁਪਾਸਾਰੀ ਅਤੇ ਬਹੁਰੰਗੀ ਪ੍ਰਤਿਭਾ। ਉਹ ਸਾਹਿਤਕਾਰ ਸਨ, ਗੁਰਬਾਣੀਵੇਤਾ ਸਨ, ਵਿਆਖਿਆਕਾਰ ਸਨ, ਖੋਜੀ ਸਨ, ਰਾਜਨੀਤੀਵੇਤਾ ਸਨ, ਪੱਤਰਕਾਰ ਸਨ ਤੇ ਬਹੁਤ ਕੁਝ ਹੋਰ ਸਨ। ਰਿਆਸਤ ਮਾਲੇਰਕੋਟਲਾ (ਹੁਣ ਜ਼ਿਲ੍ਹਾ ਸੰਗਰੂਰ) ਦਾ ਇਕ ਅਤਿ ਸਾਧਾਰਨ ਪਿੰਡ ਹੈ, ਮਿੱਠੇਵਾਲ ਜਿਥੇ ਗਿਆਨੀ ਜੀ ਦਾ ਜਨਮ 24 ਫਰਵਰੀ, 1923 ਈ: ਨੂੰ ਹੋਇਆ। ਉਨ੍ਹਾਂ ਦੀ ਮੁਢਲੀ ਸਿੱਖਿਆ-ਦੀਖਿਆ ਪਿੰਡ ਦੇ ਗੁਰਦੁਆਰੇ ਦੀ ਸੀ ਅਤੇ ਰਸਮੀ ਵਿੱਦਿਆ ਲਾਹੌਰ ਯੂਨੀਵਰਸਿਟੀ ਤੋਂ 1945 ਵਿਚ ਗਿਆਨੀ ਪਾਸ ਕਰਨ ਦੀ ਸੀ। ਵਧੇਰੇ ਗਿਆਨ ਉਨ੍ਹਾਂ ਨੇ ਸਾਧੂਆਂ ਦੇ ਡੇਰਿਆਂ, ਆਸ਼ਰਮਾਂ, ਧਾਰਮਿਕ ਸਥਾਨਾਂ ਅਤੇ ਟਕਸਾਲੀ ਗਿਆਨੀਆਂ ਪਾਸੋਂ ਗ਼ੈਰ-ਰਸਮੀ ਢੰਗ ਨਾਲ ਪ੍ਰਾਪਤ ਕੀਤਾ। ਗਹਿਰ ਗੰਭੀਰ ਗਿਆਨੀ ਜੀ ਪਾਸ ਡੂੰਘਾ ਅਨੁਭਵ ਸੀ, ਵਿਸ਼ਾਲ ਤਜਰਬਾ ਸੀ, ਮੌਲਿਕ ਦ੍ਰਿਸ਼ਟੀਕੋਣ ਤੇ ਨਿਵੇਕਲਾ ਕਹਿਣ ਢੰਗ ਸੀ। ਪਰ ਉਨ੍ਹਾਂ ਦੇ ਸੁਭਾਅ ਵਿਚ ਵਿਦਵਾਨਾਂ ਵਾਲੀ ਹਉਮੈ ਦੀ ਥਾਂ ਸਿਆਣਪ ਵਾਲੀ ਹਲੀਮੀ ਅਤੇ ਨਿਮਰਤਾ ਸੀ। ਲੋਕ ਕਹਾਣੀਆਂ, ਲੋਕ ਗੀਤਾਂ, ਲੋਕ ਰਸਮਾਂ ਅਤੇ ਲੋਕ ਮੁਹਾਵਰਿਆਂ ਦੇ ਰੂਪ ਵਿਚ ਗਿਆਨੀ ਜੀ ਨੇ ਲੋਕ ਸਿਆਣਪਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ। ਪੰਜਾਬ ਦੀਆਂ ਲੋਕ ਕਹਾਣੀਆਂ ਦਾ ਸੰਕਲਨ ਉਨ੍ਹਾਂ ਦੀ ਲੋਕਧਾਰਾ ਸੰਭਾਲ ਦਾ ਵੱਡਮੁੱਲਾ ਦਸਤਾਵੇਜ਼ ਹੈ।
‘ਮੇਰਾ ਪਿੰਡ’ ਘੁਮੱਕੜ ਗਿਆਨੀ ਜੀ ਦੀ ਅਦੁੱਤੀ ਰਚਨਾ ਹੈ, ਪੰਜਾਬ ਦੇ ਪਰੰਪਰਕ ਪਿੰਡ ਦਾ ਗਲਪ ਬਿੰਬ ਹੈ, ਇਲਮ ਦਾ ਵਗਦਾ ਦਰਿਆ ਹੈ, ਅਮਰ ਗਿਆਨ ਦਾ ਸੋਮਾ ਹੈ, ਮੀਲ ਪੱਥਰ ਹੈ, ਸ਼ਾਹਕਾਰ ਹੈ, ਮੈਗਨਮ ਓਪਸ (Magum Opus)ਹੈ। ਇਸ ਲਾਜਵਾਬ ਅਤੇ ਬੇਮਿਸਾਲ ਪੁਸਤਕ ਨੂੰ ਕੋਈ ‘ਗ੍ਰਾਮ ਵੇਦ’ ਕਹਿੰਦਾ ਹੈ ਤੇ ਕੋਈ ਸੰਦਲੀ ਸ਼ਰਬਤ ਦਾ ਗਲਾਸ। ਇਨਸਾਈਕਲੋਪੀਡੀਆ ਬਰਟੈਨਿਕਾ ਇਸ ਨੂੰ ਪ੍ਰਮਾਣਿਕ ਅਥਵਾ ਸ੍ਰੇਸ਼ਟ ਕਿਰਤ(Classic in Punjabi Literature) ਸਵੀਕਾਰਦਾ ਹੈ। ਮਿੱਠੇਵਾਲ ਦੇ ਪਿੰਡ ਦੇ ਮਾਧਿਅਮ ਰਾਹੀਂ ਗਿਆਨੀ ਜੀ ਨੇ ਸਮੁੱਚੇ ਮਾਲਵੇ, ਬਲਕਿ ਸਮੁੱਚੇ ਪੰਜਾਬ ਦੀ ਇਕ ਤਸਵੀਰ ਪੇਸ਼ ਕੀਤੀ ਹੈ। ਪੰਜਾਬ ਦੇ ਅਲੋਪ ਹੋ ਰਹੇ ਜੀਵਨ ਦਾ ਰੰਗੀਨ ਚਿੱਤਰ ਖਿੱਚਣ ਦਾ ਕਾਮਯਾਬ ਯਤਨ ਕੀਤਾ ਹੈ। ਗਿਆਨੀ ਗੁਰਦਿੱਤ ਸਿੰਘ ਇਕ ਪਾਸੇ ਸਿੰਘ ਸਭਾ ਲਹਿਰ ਦੇ ਸਰਗਰਮ ਪ੍ਰਵਕਤਾ ਸਨ, ਦੂਸਰੇ ਪਾਸੇ ਲੋਕ ਵਿਰਸੇ ਦੇ ਪੂਰੀ ਤਰ੍ਹਾਂ ਵਫ਼ਾਦਾਰ। ਉਨ੍ਹਾਂ ਦਾ ਲੋਕ ਵਿਰਸੇ ਅਤੇ ਧਰਮ ਚਿੰਤਨ ਨਾਲ ਅਜਿਹਾ ਸੁਮੇਲ ਪੰਜਾਬੀ ਸਾਹਿਤ ਲਈ ਵਰਦਾਨ ਸਿੱਧ ਹੋਇਆ ਹੈ। ਗਿਆਨੀ ਜੀ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਵਿਦਵਾਨ ਸਨ। ਉਨ੍ਹਾਂ ਨੇ ਸਿੱਖ ਇਤਿਹਾਸ ਦੇ ਬੁਨਿਆਦੀ ਸਰੋਤਾਂ ਬਾਰੇ ਅਹਿਮ ਕੰਮ ਕੀਤਾ। ਭਗਤ ਬਾਣੀ ਤੋਂ ਇਲਾਵਾ ‘ਮੁੰਦਵਣੀ’ (2003) ਉਨ੍ਹਾਂ ਦੀ ਚਰਚਿਤ ਪੁਸਤਕ ਹੈ। 1990 ਵਿਚ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ-ਭਗਤ ਬਾਣੀ ਭਾਗ’ 668 ਪੰਨਿਆਂ ਦੀ ਬਾਣੀਕਾਰ ਭਗਤਾਂ ਦੇ ਜੀਵਨ ਅਤੇ ਰਚਨਾ ਬਾਰੇ ਇਕੱਤਰ ਸਮੱਗਰੀ ਵੱਡੀ ਪ੍ਰਾਪਤੀ ਹੈ।
ਗਿਆਨੀ ਜੀ ਨੇ ਇਕ ਪਾਸੇ ਧਰਮ ਦੀ ਗੱਲ ਕੀਤੀ ਹੈ, ਦੂਜੇ ਪਾਸੇ ਰਾਜਨੀਤੀ ਦੀ। ਤੀਸਰੇ ਪਾਸੇ ਲੋਕ ਸੰਸਕ੍ਰਿਤੀ ਅਤੇ ਲੋਕਧਾਰਾ ਦੀ। ਇਹ ਸਭ ਵਚਿੱਤਰ ਸਮਨਵੈ ਹੈ। ਉਹ ਸਫਲ ਸਾਹਿਤਕਾਰ ਦੇ ਨਾਲ-ਨਾਲ ਕੁਸ਼ਲ ਪ੍ਰਬੰਧਕ ਵੀ ਸਨ, ਪ੍ਰਸ਼ਾਸਕ ਸਨ, ਜਗਿਆਸੂ ਸਨ। ਉਨ੍ਹਾਂ ਵਿਚ ਦਲੀਲ ਵੀ ਸੀ, ਦਿਆਨਤਦਾਰੀ ਵੀ। ਉਹ 1956 ਤੋਂ 1962 ਤੱਕ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ। ਵੱਖ-ਵੱਖ ਪੱਤਰਾਂ ਨਾਲ ਜੁੜੇ ਉਹ ਸਫਲ ਪੱਤਰਕਾਰ ਸਨ। ਨਵੰਬਰ, 2006 ਵਿਚ ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਅਨੇਕਾਂ ਹੋਰ ਮਾਣ-ਸਨਮਾਨ ਵੀ ਉਨ੍ਹਾਂ ਨੂੰ ਮਿਲੇ। 17 ਜਨਵਰੀ, 2007 ਨੂੰ ਆਪ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ।
From Website |
Daily Ajit, Jalandhar, February 24, 2011