ਗਿਆਨੀ ਗੁਰਦਿੱਤ ਸਿੰਘ
ਤੇਜਵੰਤ ਸਿੰਘ ਗਿੱਲ
24 ਫਰਵਰੀ, ਮੇਰਾ ਪਿੰਡ ਨਾਮੀਂ ਪੁਸਤਕ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਦੇ ਜਨਮ ਦਾ ਅਠਾਸੀਵਾਂ ਦਿਨ ਸੀ। ਬੀਤ ਗਈ ਸਦੀ ਦੇ ਵੀਹਵਿਆਂ ਦੇ ਪਹਿਲੇ ਅੱਧ ਵਿਚ ਗਿਆਨੀ ਜੀ ਦਾ ਜਨਮ ਹੋਇਆ ਸੀ। ਉਸ ਵਕਤ ਪੰਜਾਬ ਦੇ ਪੇਂਡੂ ਜੀਵਨ ਵਿਚ ਵੱਡੀ ਤਬਦੀਲੀ ਸਾਹ ਲੈਣ ਲੱਗ ਪਈ ਸੀ। ਵਧੇਰੇ ਪ੍ਰਤੱਖ ਪ੍ਰਮਾਣ ਇਸ ਦਾ ਸਿੱਖ ਭਾਈਚਾਰੇ ਤੋਂ ਮਿਲਦਾ ਸੀ। ਮੁੱਖ ਤੌਰ ’ਤੇ ਇਹ ਤਬਦੀਲੀ ਧਾਰਮਿਕ ਅਤੇ ਰਾਜਸੀ ਪ੍ਰਕਾਰ ਦੀ ਸੀ। ਭਾਈਵਾਲੀ ਸ਼ਰਧਾ ਭਾਵ ਦੀ ਥਾਂ ਲੈ ਰਹੀ ਸੀ। ਅੱਗੇ ਉਸ ਦਾ ਕੌਮੀ ਅਤੇ ਕੌਮਾਂਤਰੀ ਰੁਖ ਬੁਣ ਰਿਹਾ ਸੀ।
ਸੱਠਵਿਆਂ ਦੇ ਆਰੰਭ ਵਿਚ ਜਦ ਇਹ ਲੋਕਪ੍ਰਿਅਤਾ ਦਾ ਸਿਖਰ ਛੂਹਣ ਵਾਲੀ ਪੁਸਤਕ ਛਪੀ ਤਾਂ ਪੰਜਾਬ ਦਾ ਪੇਂਡੂ ਜੀਵਨ, ਆਰਥਿਕ ਅਤੇ ਸਮਾਜਕ ਤਬਦੀਲੀ ਦਾ ਰਣ ਖੇਤਰ ਬਣ ਚੁੱਕਾ ਸੀ। ਜਿਸ ਨਵੀਨਤਾ ਨੇ ਗਿਆਨੀ ਜੀ ਦੇ ਜਨਮ ਵੇਲੇ ਅੱਖਾਂ ਖੋਲੀਆਂ ਸਨ, ਉਹ ਹੁਣ ਹੁੰਦੜਹੇਲ ਬਣਨਾ ਲੋਚਦੀ ਸੀ। ਦੇਸ਼ ਦੇ ਆਜ਼ਾਦ ਹੋ ਜਾਣ, ਲੋਕਰਾਜੀ ਸੰਸਥਾਵਾਂ, ਵਿਦਿਅਕ ਅਦਾਰਿਆਂ ਅਤੇ ਵਿਚਾਰਧਾਰਕ ਉਭਾਰਾਂ ਦੇ ਪ੍ਰਫੁੱਲਤ ਹੋਣ ਨਾਲ, ਨਵੀਨਤਾ ਲਈ ਪੂਰੀ ਤਰ੍ਹਾਂ ਦੁਆਰ ਖੁੱਲ੍ਹ ਗਏ ਸਨ। ਪਿਛਲੇ ਪੰਜ ਦਹਾਕਿਆਂ ਵਿਚ ਇਹ ਨਵੀਨਤਾ ਜੇ ਵਿਸਤ੍ਰਿਤ ਅਤੇ ਸਰਵਤਰ ਹੋ ਗਈ ਹੈ ਤਾਂ ਆਪ ਮੁਹਾਰਾ ਅਤੇ ਬੇਮੁਹਾਰਾ ਬਣਨ ਤੋਂ ਵੀ ਇਸ ਨੇ ਗੁਰੇਜ਼ ਨਹੀਂ ਕੀਤਾ। ਫਲਸਰੂਪ ਇਸ ਦੇ ਜੋ ਪ੍ਰਮਾਣ ਸਾਹਮਣੇ ਆ ਰਹੇ ਹਨ ਜਿੰਨੇ ਉਹ ਅਗਾਂਹ ਲੈ ਜਾਣ ਵਾਲੇ ਹਨ, ਉਸ ਤੋਂ ਵੱਧ ਉਹ ਸ਼ਾਇਦ ਪਿਛਾਂਹ ਖਿੱਚਣ ਵਾਲੇ ਹਨ।
ਇਸ ਪੜਾਅ ’ਤੇ ਨਾ ਕੋਈ ਭੁਲਾਵਾ ਪਾਲਣਾ ਉਚਿਤ ਹੈ, ਨਾ ਨਿਸਭ੍ਰਾਂਤ ਹੋਣਾ ਯੋਗ ਹੈ। ਦੋਨਾਂ ਤੋਂ ਪਾਰ ਜਾ ਕੇ, ਉਨ੍ਹਾਂ ਰਸਮਾਂ, ਰੀਤਾਂ, ਮਾਨਤਾਵਾਂ ਅਤੇ ਪ੍ਰਤੀਤੀਆਂ ਦਾ ਜਾਇਜ਼ਾ ਲੈਣਾ ਜ਼ਰੂਰੀ ਹੈ ਜਿਨ੍ਹਾਂ ਦਾ ਸੱਚ ਨਾਲੋਂ ਵਾਸਤਾ ਟੁੱਟਦਾ ਜਾਂਦਾ ਹੈ ਅਤੇ ਉਨ੍ਹਾਂ ਦੇ ਕੱਚ ਨੂੰ ਵਧੇਰੇ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ’ਤੇ ਦੁਵੱਲੀ ਨਿਗਾਹ ਮਾਰਨ ਨਾਲ ਹੀ ਇਹ ਸੰਭਵ ਹੋ ਸਕਦਾ ਹੈ। ਬਦਲ ਚੁੱਕੇ ਪ੍ਰਸੰਗ ਵਿਚ ਉਨ੍ਹਾਂ ਦਾ ਜੋ ਮੁੱਲ ਹੈ ਉਸ ਨੂੰ ਜਾਣਨ ਦਾ ਇਹੋ ਢੰਗ ਹੈ।
ਇਸ ਖਾਤਰ ਗਿਆਨੀ ਜੀ ਦੀ ਇਹ ਪੁਸਤਕ ਸਭ ਤੋਂ ਵੱਧ ਸਹਾਈ ਹੋ ਸਕਦੀ ਹੈ। ਵਰਣਨ, ਬਿਰਤਾਂਤ, ਵਾਰਤਾਲਾਪ, ਉਦਾਹਰਣ ਅਤੇ ਵੇਰਵੇ ਸਹਿਤ ਜਿਵੇਂ ਇਸ ਵਿਚ ਪੇਸ਼ਕਾਰੀ ਪਰਵਾਨ ਚੜ੍ਹੀ ਹੈ ਉਹ ਪ੍ਰਭਾਵਤ ਤਾਂ ਕਰਦੀ ਹੀ ਹੈ। ਨਾਲ ਹੀ ਉਹ ਭਾਵੁਤ ਵੀ ਬਹੁਤ ਕਰਦੀ ਹੈ। ਇਹ ਦ੍ਰਿਸ਼ਵਾਲੀ ਦਾ ਰੂਪ ਗ੍ਰਹਿਣ ਕਰ ਲੈਂਦੀ ਹੈ ਜਿਸ ਵਿਚ ਪਾਠਕ ਜਗਤ ਲਈ ਰਸਮਾਂ, ਰੀਤਾਂ, ਮਾਨਤਾਵਾਂ ਅਤੇ ਪ੍ਰਤੀਤੀਆਂ ਨੂੰ ਸਾਹ ਲੈਂਦੇ ਅਨੁਭਵ ਕਰਨਾ ਸੁਭਾਵਕ ਬਣ ਜਾਂਦਾ ਹੈ। ਇਸ ਤੋਂ ਮੁਗਧ ਹੋ ਕੇ ਅੰਮ੍ਰਿਤਾ ਪ੍ਰੀਤਮ ਦਾ ਇਹ ਪ੍ਰਭਾਵ ਬਣਿਆ ਕਿ ਖਿੰਡੇ ਹੋਏ ਤੀਲਿਆਂ ਦਾ ਇਹ ਪੁਸਤਕ ਆਲਣਾ ਸੀ ਜਿਸ ਵਿਚ ਪੰਜਾਬ ਦੀ ਰੂਹ ਦਾ ਪੰਛੀ ਬੈਠਾ ਗੁਣ ਗੁਣਾ ਰਿਹਾ ਸੀ। ਡਾ. ਹਰਿਭਜਨ ਸਿੰਘ ਨੂੰ ਇਸ ਪੁਸਤਕ ਵਿਚ ਦ੍ਰਿਸ਼ ਅਤੇ ਦ੍ਰਿਸ਼ਟੀ ਵਿਚਕਾਰ ਅਭੇਦਤਾ ਸਾਕਾਰ ਹੋਈ ਅਨੁਭਵ ਹੋਈ। ਇਕ ਲਿਹਾਜ ਨਾਲ ਇਹ ਧਾਰਨਾ ਅੰਮ੍ਰਿਤਾ ਪ੍ਰੀਤਮ ਦੇ ਕਾਵਿਮਈ ਪ੍ਰਭਾਵ ਦਾ ਹੀ ਵਿਚਾਰਮਈ ਪ੍ਰਗਟਾ ਹੈ।
ਪੁਸਤਕ ਦੀ ਪ੍ਰਥਮ ਪੜਤ ਤੋਂ ਲੱਗਦਾ ਇਸੇ ਤਰ੍ਹਾਂ ਹੈ ਪਰ ਦੋਨਾਂ ਤੋਂ ਜੋ ਗੱਲ ਅੱਖੋਂ-ਪਰੋਖੇ ਹੋ ਗਈ ਹੈ ਉਹ ਹੈ ਕਿ ਪ੍ਰਥਮ ਪੜਤ ਦੀ ਵੀ ਤਾਂ ਆਪਣੀ ਸੀਮਾ ਹੁੰਦੀ ਹੈ। ਉਸ ਦਾ ਵਧੇਰੇ ਵਾਸਤਾ ਲਿਖਤ ਦੇ ਵਸਤੂ ਜਗਤ ਨਾਲ ਹੁੰਦਾ ਹੈ। ਵਸਤੂ ਜਗਤ ਤੋਂ ਅਗਾਂਹ ਲਿਖਤ ਦਾ ਭਾਵ ਜਗਤ ਵੀ ਤਾਂ ਹੁੰਦਾ ਹੈ ਜਿਸ ਨੂੰ ਤਨਕੀਦੀ ਪੜ੍ਹਤ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਇਸ ਦੀ ਤਨਕੀਦੀ ਪੜ੍ਹਤ ਸਿੱਧ ਕਰ ਦਿੰਦੀ ਹੈ ਕਿ ਪੁਸਤਕ ਵਿਚਲੀ ਪੇਸ਼ਕਾਰੀ ਪਰਖ ਅਤੇ ਉਸ ਤੋਂ ਵੀ ਅਗਾਂਹ ਪੜਚੋਲ ਦੀ ਅਧਿਕਾਰੀ ਹੈ। ਗਿਆਨੀ ਜੀ ਨਿਰੋਲ ਪੇਸ਼ਕਾਰ ਨਹੀਂ ਸਨ। ਉਹ ਖੋਜੀ ਵੀ ਸਨ ਜਿਸ ਦੇ ਨਿੱਗਰ ਪ੍ਰਮਾਣ ਗੁਰਬਾਣੀ ਬਾਰੇ ਕੀਤੀ ਉਨ੍ਹਾਂ ਦੀ ਖੋਜ ਤੋਂ ਭਲੀਭਾਂਤ ਮਿਲ ਜਾਂਦੇ ਹਨ। ਕਿਵੇਂ ਹੋ ਸਕਦਾ ਹੈ ਕਿ ਮੇਰਾ ਪਿੰਡ ਵਿਚ ਜਿਸ ਵਸਤੂ ਜਗਤ ਨੂੰ ਉਨ੍ਹਾਂ ਭਾਵ ਜਗਤ ਵਿਚ ਉਲਥਾਣ ਦਾ ਪ੍ਰਯਾਸ ਕੀਤਾ, ਉਸ ਵਿਚ ਉਨ੍ਹਾਂ ਦੀ ਖੋਜ ਬਿਰਤੀ ਨੇ ਪ੍ਰਵੇਸ਼ ਨਾ ਕੀਤਾ ਹੋਵੇ?
ਸੰਖੇਪ ਹੋਣ ਦੇ ਬਾਵਜੂਦ, ਇਸ ਪ੍ਰਵੇਸ਼ ਦੇ ਪ੍ਰਮਾਣ ਪੁਸਤਕ ਵਿਚ ਥਾਂ ਪੁਰ ਥਾਂ ਪਏ ਹਨ। ਪ੍ਰਚੱਲਿਤ ਮਾਨਤਾ ਬਣੀ ਹੋਈ ਹੈ ਕਿ ਕ੍ਰਿਸ਼ਨ ਦੇ ਭੁਲੇਖੇ ਕੰਸ ਨੇ ਨਵ-ਜੰਮੀ ਬੱਚੀ ਨੂੰ ਮਾਰ ਦਿੱਤਾ ਸੀ। ਬਿਜਲੀ ਬਣ ਕੇ ਆਕਾਸ਼ ਵਿਚ ਜਾ ਸਮਾਈ ਇਹ ਨਵ-ਜੰਮੀ ਬੱਚੀ ਮਾਮੇ-ਭਾਣਜੇ ਦੋਵਾਂ ਨੂੰ ਆਪਣੀ ਹੱਤਿਆ ਦੇ ਦੋਸ਼ੀ ਮੰਨਦੀ ਹੈ। ਇਸ ਲਈ ਜਦ ਬੱਦਲ ਗਰਜਦਾ ਹੈ, ਬਿਜਲੀ ਚਮਕਦੀ ਹੈ ਤਾਂ ਮਾਮੇ ਭਾਣਜੇ ਦੋਵਾਂ ਨੂੰ ਜਾਨਲੇਵਾ ਖਤਰਾ ਖੜ੍ਹਾ ਹੋ ਜਾਂਦਾ ਹੈ (ਪੰਨਾ 159), ਉਤਨੇ ਹੀ ਉਸ ਦੇ ਪੁੱਤਰ ਜੰਮਦੇ ਹਨ (ਪੰਨਾ 258)।
ਕਰਵਾ ਚੌਥ ਦਾ ਵਰਤ ਵੀ ਗਿਆਨੀ ਜੀ ਦੀ ਤਨਕੀਦ ਦਾ ਵਿਸ਼ਾ ਬਣਦਾ ਹੈ। ਜਿਸ ਭਾਵਨਾਵਸ ਪਤਨੀ ਸਦੀਆਂ ਤੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀ ਆਈ ਹੈ, ਉਸ ਦੀ ਇਹ ਕਦਰ ਕਿਵੇਂ ਕਾਇਮ ਰਹਿ ਸਕਦੀ ਹੈ ਜਦ ਹਉਮੈ ਦੀ ਮਾਰੀ, ਵਿਸ਼ੇਸ਼ ਕਰ ਕੇ ਸ਼ਹਿਰੀ ਤ੍ਰੀਮਤ, ਘਰ ਅੰਦਰ ਤਾਂ ਕਲੇਸ਼ ਪਾਈ ਰੱਖਦੀ ਹੈ, ਉਸ ਦੀ ਉਨ੍ਹਾਂ ਦੇ ਮਨ ਵਿਚ ਅਟੁੱਟ ਕਦਰ ਹੈ। ਪਰ ਅਜੋਕੇ ਦੌਰ ਵਿਚ ਇਹ ਕਦਰ ਕਿਵੇਂ ਕਾਇਮ ਰਹਿ ਸਕਦੀ ਹੈ ਜਦ ਹਉਮੈ ਦੀ ਮਾਰੀ, ਵਿਸ਼ੇਸ਼ ਕਰ ਕੇ ਸ਼ਹਿਰੀ ਤ੍ਰੀਮਤ, ਘਰ ਅੰਦਰ ਤਾਂ ਕਲੇਸ਼ ਪਾਈ ਰੱਖਦੀ ਹੈ ਪਰ ਬਾਹਰ ਦਿਖਾਵੇ ਖਾਤਰ ਅਜਿਹੇ ਵਰਤ ਦਾ ਢਕੌਂਦ ਰਚਦੀ ਹੈ (ਪੰਨਾ 259) ਅਪੂਰਵ-ਆਧੁਨਿਕ ਕਾਲ ਦੀ ਇਹ ਉਤਰ-ਆਧੁਨਿਕ ਨਕਲ ਹੈ ਜਿਸ ਨੂੰ ਬਿਨਾਂ ਇਹ ਪਦ ਵਰਤੇ ਗਿਆਨੀ ਜੀ ਬੇਪਰਦਾ ਕਰਨ ’ਤੇ ਉਤਰ ਆਉਂਦੇ ਹਨ। ਵਿਆਹ ਵਿਚ ਵਿਚੋਲੇ ਆਦਿ ਦਾ ਕਰਤੱਵ ਜੇ ਲੋਪ ਹੋ ਗਿਆ ਹੈ ਤਾਂ ਇਹ ਉਨ੍ਹਾਂ ਲਈ ਰੋਸ ਦਾ ਕਾਰਨ ਨਹੀਂ। ਨਾ ਇਸ ਦੇ ਵਿਰੁੱਧ ਅਤੇ ਨਾ ਪੱਖ ਵਿਚ ਕੋਈ ਧਾਰਨਾ ਪੇਸ਼ ਹੁੰਦੀ ਹੈ। ਪ੍ਰੇਮ-ਵਿਆਹ ਦੀ ਪ੍ਰਥਾ ਜਿਵੇਂ ਪ੍ਰਚੱਲਿਤ ਹੋ ਗਈ ਹੈ, ਉਸ ਪ੍ਰਤੀ ਨਿਰਪੱਖ ਹੋਣਾ ਹੀ ਉਚਿੱਤ ਹੈ। ਇਹ ਪਰਿਵਾਰ ਦੇ ਛੋਟਾ ਹੋ ਜਾਣ ਕਾਰਨ ਹੈ ਜੋ ਨਿਰਸੰਕੋਚ ਪ੍ਰਵਾਨ ਹੈ। ਇਸ ਦਾ ਪਹਿਲਾ ਰੂਪ ਸੀ ਵੱਡਾ ਪਰਿਵਾਰ ਜਿਸ ਵਿਚ ਪਤਨੀ ਤੇ ਪਤੀ ਦਾ ਪੂਰਨ ਸਤਿਕਾਰ ਹੁੰਦਾ ਸੀ। ਦਿਉਰ ਨਾਲ ਪਰ ਉਸ ਦਾ ਭਾਵੁਕ ਨਾਤਾ ਜੁੜ ਜਾਂਦਾ ਸੀ ਜਿਸ ਵਿਚ ਕ੍ਰੀੜਾ ਦਾ ਭਾਵ ਵੀ ਪਾਇਆ ਜਾਂਦਾ ਸੀ। ਇਸ ਪ੍ਰਤੀ ਗਿਆਨੀ ਜੀ ਨੂੰ ਕੋਈ ਆਪੱਤੀ ਨਹੀਂ ਪਰ ਇਸ ਦਾ ਕਾਮ ਵਿਚ ਤਿਲਕ ਜਾਣਾ ਉਨ੍ਹਾਂ ਨੂੰ ਨਿੰਦਣੀਯ ਲਗਦਾ ਹੈ। ਜੇਠ ਨਾਲ ਜੋ ਉਸ ਦੀ ਖੈਹਬਾਜ਼ੀ ਬਣਦੀ ਹੈ, ਉਸ ਪ੍ਰਤੀ ਵੀ ਉਨ੍ਹਾਂ ਦੀ ਨਘੋਚ ਵਾਲੀ ਰੁਚੀ ਹੈ।
ਗੱਲ ਕੀ ਰਸਮਾਂ, ਰੀਤਾਂ, ਮਾਨਤਾਵਾਂ ਅਤੇ ਪ੍ਰਤੀਤੀਆਂ ਦੀ ਪੇਸ਼ਕਾਰੀ ਵੇਲੇ ਗਿਆਨੀ ਜੀ ਪ੍ਰੰਪਰਾ ਅਤੇ ਨਵੀਨਤਾ ਦੀ ਦਹਿਲੀਜ਼ ’ਤੇ ਖੜ੍ਹਨ ਦਾ ਯਤਨ ਕਰਦੇ ਹਨ। ਉਨ੍ਹਾਂ ਨੂੰ ਪ੍ਰੰਪਰਾ ਨਾਲ ਬੱਝੇ ਰਹਿਣ ਦੀ ਮਜਬੂਰੀ ਨਹੀਂ। ਇਸ ਤੋਂ ਸੁਚੇਤ ਰਹਿਣ ਦੀ ਅਭਿਲਾਸ਼ਾ ਹੈ। ਕੁੱਲ ਰੌਚਿਕਤਾ ਜੋ ਉਨ੍ਹਾਂ ਦੀ ਪੇਸ਼ਕਾਰੀ ਵਿਚ ਆ ਸਮਾਈ ਹੈ, ਜਿਸ ਦੇ ਮੇਚ ਦੀ ਬੋਲੀ ਅਤੇ ਸ਼ੈਲੀ ਵਰਤਣ ਵਿਚ ਉਨ੍ਹਾਂ ਨੂੰ ਪ੍ਰਬੀਨਤਾ ਹਾਸਿਲ ਹੈ, ਉਸ ਪ੍ਰਤੀ ਉਨ੍ਹਾਂ ਦੀ ਨਿਰਪੱਖਤਾ ਪ੍ਰਤੱਖ ਹੈ। ਸੰਤ ਸਿੰਖ ਸੇਖੋਂ ਅਨੁਸਾਰ- ਇਸ ਤੋਂ ਉਨ੍ਹਾਂ ਦੀ ਸੂਝ ਦਾ ਪਤਾ ਚੱਲ ਜਾਂਦਾ ਹੈ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਤਿਹਾਸਕ ਅਨੁਭਵ ਦੀ ਸੋਝੀ ਨੇ ਇਸ ਸੂਝ ਨੂੰ ਭਰਪੂਰ ਰੂਪ ਵਿਚ ਪ੍ਰਫੁੱਲਤ ਕੀਤਾ ਹੋਇਆ ਹੈ। ਪਰ ਇਸ ਦਾ ਵਿਚਰਣਾ ਇਹ ਸਿੱਧ ਕਰਦਾ ਹੈ ਕਿ ਪ੍ਰੰਪਰਾ ਦੇ ਪ੍ਰਸੰਗ ਵਿਚ ਮਜ਼ਬੂਰੀ ਦੀ ਥਾਂ, ਗਿਆਨੀ ਜੀ ਦੀ ਚੋਣ ਚੇਤਨਾ ਦੇ ਹੱਕ ਵਿਚ ਭੁਗਤਦੀ ਹੈ। ਗੁਰਬਾਣੀ ਸਬੰਧੀ ਖੋਜ ਵਿਚ ਇਹ ਕਿਸ ਪੱਥ ’ਤੇ ਚਲਦੀ ਹੈ, ਇਹ ਜਾਣਨ ਲਈ ਦੀਰਘ ਅਧਿਐਨ ਦੀ ਲੋੜ ਹੈ। ਮੇਰਾ ਪਿੰਡ ਦੀ ਤਨਕੀਦੀ ਪੜ੍ਹਤ ਇਹੋ ਸਿੱਧ ਕਰਦੀ ਹੈ, ਇਸ ਵਿਚ ਹੀ ਵਾਰ ਵਾਰ ਛਪਣ ਵਾਲੀ ਇਸ ਪੁਸਤਕ ਦਾ ਗੌਰਵ ਨਿਹਿਤ ਹੈ।
Punjabi Tribune, February 27, 2011.