ਲੇਖਕ: ਗਿਆਨੀ ਗੁਰਦਿੱਤ ਸਿੰਘ
ਪ੍ਰਕਾਸ਼ਕ: ਸਾਹਿਤ ਪ੍ਰਕਾਸ਼ਨ, 56, ਸੈਕਟਰ 4, ਚੰਡੀਗੜ੍ਹ।
ਹਰਮੀਤ ਸਿੰਘ ਅਟਵਾਲ
ਗਿਆਨੀ ਗੁਰਦਿੱਤ ਸਿੰਘ (1923-2007) ਦੀ ਪੁਸਤਕ ‘ਮੇਰਾ ਪਿੰਡ’ ਮੇਰੀ ਮਨਪਸੰਦ ਪੁਸਤਕ ਹੈ। ਹੁਣ ਤੱਕ ਮੈਂ ਬਹੁਤ ਸਾਰਾ ਪੰਜਾਬੀ ਸਾਹਿਤ ਪੜ੍ਹਿਆ ਹੈ ਤੇ ਲਗਾਤਾਰ ਪੜ੍ਹ ਵੀ ਰਿਹਾ ਹਾਂ ਪਰ ਪੇਂਡੂ ਜੀਵਨ ਤੇ ਪਿੰਡਾਂ ਬਾਰੇ ਜੋ ਸੁਭਾਵਿਕ ਅਸਲੀਅਤ ਗਿਆਨੀ ਜੀ ਨੇ ਆਪਣੀ ਇਸ ਪੁਸਤਕ ਵਿਚ ਉਜਾਗਰ ਕੀਤੀ ਹੈ ਉਹ ਕੋਈ ਹੋਰ ਲਿਖਾਰੀ ਅਜੇ ਤੱਕ ਕਰ ਨਹੀਂ ਸਕਿਆ। ਇਹ ਵੱਖਰੀ ਗੱਲ ਹੈ ਕਿ ਹੋਰ ਕਈ ਲੇਖਕਾਂ ਨੇ ਵੀ ਪਿੰਡਾਂ ਬਾਰੇ ਲਿਖ ਕੇ ਆਪਣੀਆਂ ਪੁਸਤਕਾਂ ਪਾਠਕਾਂ ਤੱਕ ਪੁੱਜਦੀਆਂ ਕੀਤੀਆਂ ਹਨ ਪਰ ਅਜੇ ਗਿਆਨੀ ਜੀ ਤੋਂ ਅੱਗੇ ਕੋਈ ਲੰਘ ਨਹੀਂ ਸਕਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਵਿਦਵਾਨ ਸੱਜਣਾਂ ਮੁਤਾਬਕ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਨੂੰ ਕਿੱਸਿਆਂ ਦੇ ਰੂਪ ਵਿਚ ਲਗਪਗ 167 ਕਿੱਸਾਕਾਰਾਂ ਨੇ ਲਿਖਿਆ ਹੈ ਪਰ ਵਾਰਿਸ ਸ਼ਾਹ ਦੀ ‘ਹੀਰ’ ਦਾ ਅਜੇ ਤੱਕ ਵੀ ਕੋਈ ਮੁਕਾਬਲਾ ਨਹੀਂ ਹੈ।
‘ਮੇਰਾ ਪਿੰਡ’ ਦਾ ਪਹਿਲਾ ਐਡੀਸ਼ਨ 1961 ਵਿਚ ਛਪਿਆ ਸੀ। ਸੰਨ 2007 ਤੱਕ ਇਸ ਦੇ 8 ਐਡੀਸ਼ਨ ਛਪ ਚੁੱਕੇ ਹਨ ਤੇ ਅਗਾਂਹ ਵੀ ਛਪਦੇ ਰਹਿਣਗੇ। ਅੱਜ ਵੀ ਪੰਜਾਬ ਦੀ ਜਨਸੰਖਿਆ ਦਾ ਬਹੁਤਾ ਹਿੱਸਾ ਪਿੰਡਾਂ ਵਿਚ ਹੀ ਵੱਸਦਾ ਹੈ। ਪੰਜਾਬੀ ਭਾਸ਼ਾ ਦਾ ਅਸਲੀ ਮੁਹਾਵਰਾ ਵੀ ਪਿੰਡਾਂ ਦੇ ਪੰਜਾਬੀਆਂ ਕੋਲ ਹੀ ਹੈ। ਗਿਆਨੀ ਜੀ ਨੇ ਬਿਲਕੁਲ ਉਸੇ ਢੁਕਵੇਂ ਮੁਹਾਵਰੇ ਵਿਚ ਦਿਲਚਸਪ ਵਾਰਤਕ ਸ਼ੈਲੀ ਰਾਹੀਂ ਪੰਜਾਬੀ ਲੋਕਾਂ ਦੀ ਅੰਦਰੂਨੀ ਰੂਹ ਦੇ ਸ਼ਾਬਦਿਕ ਦਰਸ਼ਨ ਪਾਠਕਾਂ ਨੂੰ ਕਰਾ ਦਿੱਤੇ ਹਨ।
ਪੂਰੀ ਪੁਸਤਕ ਦੋ ਭਾਗਾਂ ਵਿਚ ਵੰਡੀ ਹੋਈ ਹੈ। ਪਹਿਲੇ ਭਾਗ ਵਿਚ ‘ਮੇਰੇ ਪਿੰਡ ਦਾ ਮੂੰਹ ਮੱਥਾ’, ‘ਮੇਰੇ ਵੱਡੇ ਵਡੇਰੇ’, ‘ਮੇਰਾ ਬਚਪਨ’, ‘ਮੇਰੇ ਪਿੰਡ ਦਾ ਆਂਢ-ਗੁਆਂਢ, ‘ਕੰਮ ਧੰਦੇ ਤੇ ਆਹਰ ਪਾਹਰ’, ‘ਮੇਰੇ ਪਿੰਡ ਦੇ ਇਸ਼ਟ’, ‘ਸੰਤਾਂ ਸਾਧਾਂ ਲਈ ਸ਼ਰਧਾ’, ‘ਹਾੜ੍ਹਾਂ ਦੇ ਦੁਪਹਿਰੇ’, ‘ਸਿਆਲਾਂ ਦੀਆਂ ਧੂਣੀਆਂ’, ‘ਮੇਰੇ ਪਿੰਡ ਦੇ ਗਾਲ੍ਹੜੀ’, ‘ਭਾਂਤ ਸੁਭਾਂਤੀ ਦੁਨੀਆਂ’, ‘ਵਹਿਮ ਭਰਮ’, ‘ਤਿੱਥ ਤਿਉਹਾਰ’, ‘ਤੀਆਂ’, ‘ਵੰਗਾਂ ਤੇ ਮਹਿੰਦੀ’, ‘ਤੀਆਂ ਦਾ ਗਿੱਧਾ’ ਤੇ ‘ਤ੍ਰਿੰਝਣ’ ਬਾਰੇ ਗਿਆਨੀ ਜੀ ਨੇ ਸਵਿਸਤਾਰ ਲਿਖਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ‘ਜਨਮ ਸਮੇਂ ਦੀਆਂ ਰੀਤਾਂ’, ‘ਮੁੰਡੇ ਦੀ ਛਟੀ’, ‘ਵਿਆਹ ਸ਼ਾਦੀ ਦੀ ਤਿਆਰੀ’, ‘ਵਿਆਹ’, ‘ਬਾਬਲ ਤੇਰਾ ਪੁੰਨ ਹੋਵੇ’, ‘ਢੋਲਕ ਗੀਤ’, ‘ਦਿਉਰ ਭਾਬੀ’, ‘ਲਾਵਾਂ ਤੇ ਫੇਰੇ’, ‘ਕੁੜੀ ਦੀ ਵਿਦਾਈ’, ‘ਨਾਨਕ-ਛੱਕ ਦਾ ਗਿੱਧਾ’, ‘ਮਰਨ ਸਮੇਂ ਦੀਆਂ ਰਸਮਾਂ’ ਤੇ ‘ਸਿਆਪਾ’ ਸਿਰਲੇਖਾਂ ਤਹਿਤ ਗਿਆਨੀ ਜੀ ਨੇ ਪੇਂਡੂ ਸੱਭਿਆਚਾਰ ਦੇ ਕਮਾਲ ਦੇ ਬਿੰਬ ਦਿਖਾਏ ਹਨ। ਲੋਕ ਗੀਤਾਂ ਦੀ ਪੰਜਾਬੀ ਜਨ-ਜੀਵਨ ਅੰਦਰਲੀ ਤਰੰਗਤ ਕਰਨ ਵਾਲੀ ਤਾਕਤ ਦਾ ਵੀ ਇਜ਼ਹਾਰ ਕੀਤਾ ਹੈ। ਮੁਹਾਵਰਿਆਂ ਤੇ ਕਹਾਵਤਾਂ ਦੀ ਢੁਕਵੀਂ ਵਰਤੋਂ ਨੇ ਤਾਂ ਗਿਆਨੀ ਜੀ ਦੀ ਹੌਲੀ ਫੁੱਲ ਵਾਰਤਕ ਸ਼ੈਲੀ ਲਈ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ ਹੈ। ‘ਮੇਰੇ ਪਿੰਡ ਦੇ ਗਾਲੜ੍ਹੀ’ ਲੇਖ ਵਿਚੋਂ ਗਿਆਨੀ ਜੀ ਦੀ ਪ੍ਰਭਾਵਸ਼ਾਲੀ ਲਿਖਤ ਦੀਆਂ ਕੁਝ ਸਤਰਾਂ ਇਥੇ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ:
-‘ਕਹਿੰਦੇ ਖੋਤੀ ਥਾਣੇਦਾਰ ਦਾ ਬੋਝਾ ਸੁੱਟ ਆਈ, ਦੂਜੀਆਂ ਖੋਤੀਆਂ ਵਿਚ ਈ ਨਾ ਰਲੇ। ਅਖੇ ਹਮਾਰਾ ਇਨ੍ਹਾਂ ਨਾਲ ਕੀ ਮੇਲ! ਜਿਹੜੇ ਆਦਮੀ ਸ਼ਹਿਰ ਜਾ ਕੇ ਬਰਫ਼ ਘੋਲ ਕੇ ਦੋ ਹਰੇ ਬੱਤੇ (ਸੋਡੇ ਦੀਆਂ ਬੋਤਲਾਂ) ਤੇ ਕਿਸੇ ਤੰਦੂਰ (ਹੋਟਲ) ਤੋਂ ਦੋ ਡੰਗ ਤੜਕਵੀਂ ਦਾਲ ਖਾ ਆਉਣ, ਉਹ ਪਿੰਡਾਂ ਵਾਲਿਆਂ ਨੂੰ ਭਲਾ ਕਿਵੇਂ ਪਸੰਦ ਰੱਖਣ।
ਪਹਿਲਾਂ ਤਾਂ ਇਹ ਮਹਾਨ ਫਿਲਾਸਫਰ ਕੂੰਦੇ (ਬੋਲਦੇ) ਈ ਨਹੀਂ, ਪਰ ਜੇ ਕਿਧਰੇ ਮਿਹਰ ਦੇ ਘਰ ਆ ਜਾਣ ਤਾਂ ਸ਼ਹਿਰ ਦੀਆਂ ਗੱਲਾਂ ਖੂਬ ਮਚਕਾ ਮਚਕਾ ਕੇ ਕਰਦੇ ਹਨ:
‘ਸ਼ਹਿਰ ਦੀਆਂ ਕੀ ਗੱਲਾਂ ਨੇ ਹਰਨਾਮ ਸਿੰਹਾਂ, ਨਿਰੇ ਸੁਰਗ ਦੇ ਟੁਕੜੇ ਈ ਨੇ, ਸਿਆਣੇ ਕੋਈ ਕਮਲੇ ਨਹੀਂ, ਉਨ੍ਹਾਂ ਐਵੇਂ ਥੋੜ੍ਹੇ ਕਿਹੈ¸
ਖਾਈਏ ਕਣਕ, ਭਾਵੇਂ ਹੋਏ ਜ਼ਹਿਰ,
ਵਸੀਏ ਸ਼ਹਿਰ, ਭਾਵੇਂ ਹੋਏ ਕਹਿਰ।
ਨਿਰੀ ਲਿਫਾਫੇਬਾਜ਼ੀ, ਇਕ ਦੂਜੇ ਦੀ ਜਾਨ ਦੇ ਵੈਰੀ। ਉਤੋਂ ਭਾਵੇਂ ਲੱਖ ਸਾਊ ਬਣੇ ਫਿਰਨ ਪਰ ਦਿਲ ਦੇ ਬੜੇ ਮਾੜੇ ਹੁੰਦੇ ਹਨ। ‘ਮੂੰਹ ਵਿਚ ਰਾਮ ਰਾਮ ਬਗਲ ਵਿਚ ਛੁਰੀ।’ -(ਪੰਨਾ 103-104) ਗਿਆਨੀ ਜੀ ਨੇ ਕਈ ਲੇਖਾਂ ਦਾ ਆਰੰਭ ਹੀ ਲੋਕ ਗੀਤਾਂ ਦੀਆਂ ਸਤਰਾਂ, ਮੁਹਾਵਰਿਆਂ ਜਾਂ ਕਹਾਵਤਾਂ ਤੋਂ ਕੀਤਾ ਹੈ। ਮਸਲਨ ‘ਮੇਰਾ ਬਚਪਨ’ ਦੇ ਆਰੰਭ ਵਿਚ ਲਿਖਿਆ ਹੈ:-
‘ਜਦ ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ।
ਜਦ ਬਾਪੂ ਅਖਵਾਇਆ, ਬੜਾ ਦੁਖ ਪਾਇਆ।’
ਇੰਜ ਹੀ ‘ਮੇਰੇ ਪਿੰਡ ਦਾ ਆਂਢ-ਗੁਆਂਢ’ ਦਾ ਆਰੰਭ ਇਉਂ ਕੀਤਾ ਗਿਆ ਹੈ:-
‘ਚੰਦਰਾ ਗੁਆਂਢ ਨਾ ਹੋਵੇ, ਲਾਈ ਲੱਗ ਨਾ ਹੋਵੇ ਘਰ ਵਾਲਾ’
‘ਸੰਤਾਂ ਸਾਧਾਂ ਲਈ ਸ਼ਰਧਾ’ ਲੇਖ ਇਥੋਂ ਸ਼ੁਰੂ ਹੁੰਦਾ ਹੈ:-
‘ਕੀਹਦੇ ਕੀਹਦੇ ਪੈਰੀਂ ਹੱਥ ਲਾਈਏ, ਸੰਤਾਂ ਦੇ ਵੱਗ ਫਿਰਦੇ।’
ਇਹ ਪੁਸਤਕ ਆਪਣੇ ਆਪ ਵਿੱਚ ਪੰਜਾਬੀ ਲੋਕ ਗੀਤਾਂ, ਮੁਹਾਵਰਿਆਂ, ਕਹਾਵਤਾਂ, ਅਸਲੀ ਤੇ ਵਿਲੱਖਣ ਪੰਜਾਬੀ ਸ਼ਬਦਾਵਲੀ ਦਾ ਵੀ ਭੰਡਾਰ ਹੈ। ਆਪੋ-ਆਪਣੇ ਖੇਤਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਜਿਹਾ ਕਿ ਮਹਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਕੈਰੋਂ, ਪ੍ਰਿੰਸੀਪਲ ਜੋਧ ਸਿੰਘ, ਸ. ਗੁਰਬਖਸ਼ ਸਿੰਘ, ਪ੍ਰੋ. ਪ੍ਰੀਤਮ ਸਿੰਘ, ਈਸ਼ਵਰ ਚਿੱਤਰਕਾਰ, ਦੇਵਿੰਦਰ ਸਤਿਆਰਥੀ, ਖੁਸ਼ਵੰਤ ਸਿੰਘ, ਜੈ ਚੰਦਰ ਵਿੱਦਿਆਲੰਕਾਰ, ਡਾ. ਹਰਿਭਜਨ ਸਿੰਘ, ਸੰਤ ਸਿੰਘ ਸੇਖੋਂ, ਨਾਨਕ ਸਿੰਘ ਨਾਵਲਕਾਰ, ਬਲਰਾਜ ਸਾਹਨੀ, ਗੁਰਬਚਨ ਸਿੰਘ ਤਾਲਿਬ ਤੇ ਡਾ. ਜਸਪਾਲ ਸਿੰਘ ਨੇ ਇਸ ਪੁਸਤਕ ਦੀ ਬੜੇ ਸੁੰਦਰ ਲਫਜ਼ਾਂ ਵਿਚ ਪ੍ਰਸ਼ੰਸਾ ਕੀਤੀ ਹੈ। ਇਹ ਪੁਸਤਕ ਏਨੀ ਹਰਮਨ ਪਿਆਰੀ ਹੋ ਗਈ ਹੈ ਕਿ ਕਾਫੀ ਲੰਬੇ ਅਰਸੇ ਤੋਂ ਇਹ ਆਂਸ਼ਿਕ ਜਾਂ ਸਮੂਹਿਕ ਰੂਪ ਵਿਚ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਾਈ ਜਾ ਰਹੀ ਹੈ। ਪੰਜਾਬੋਂ ਬਾਹਰ ਦੀਆਂ ਕੁਝ ਯੂਨੀਵਰਸਿਟੀਆਂ ਵਿਚ ਵੀ ਇਸ ਨੂੰ ਪੜ੍ਹਾਇਆ ਜਾ ਰਿਹਾ ਹੈ। ਕਈ ਖੋਜਾਰਥੀ ਹੁਣ ਤੱਕ ਇਸ ਪੁਸਤਕ ਉਪਰ ਐਮ.ਫਿਲ ਤੇ ਪੀਐਚ.ਡੀ. ਕਰ ਗਏ ਹਨ। ਇਹ ਸਾਰਾ ਕੁਝ ‘ਮੇਰਾ ਪਿੰਡ’ ਦੀ ਮਕਬੂਲੀਅਤ ਦਾ ਹੀ ਪ੍ਰਮਾਣ ਹੈ। ਇਸ ਪੁਸਤਕ ਜ਼ਰੀਏ ਜਿਥੇ ਗਿਆਨੀ ਗੁਰਦਿੱਤ ਸਿੰਘ ਜੀ ਅਮਰ ਹੋ ਗਏ ਉਥੇ ਆਪਣੇ ਪਿੰਡ ‘ਮਿੱਠੇਵਾਲ’ ਨੂੰ ਵੀ ਪ੍ਰਸਿੱਧ ਕਰ ਗਏ। ਸਿਰਫ ਪ੍ਰਸਿੱਧ ਹੀ ਨਹੀਂ ਸਗੋਂ ‘ਮਿੱਠੇਵਾਲ’ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਪਿੰਡਾਂ ਨੂੰ ਦਰਸਾ ਗਏ। ਇਹ ਕਿਤਾਬ ਗਿਆਨੀ ਜੀ ਨੇ ਆਪਣੀ ਜੀਵਨ ਸਾਥਣ ਸ੍ਰੀਮਤੀ ਇੰਦਰਜੀਤ ਕੌਰ ਨੂੰ ਸਮਰਪਿਤ ਕੀਤੀ ਹੈ।
ਨਿਰਸੰਦੇਹ ਬਹੁਤ ਸਾਰੇ ਪੰਜਾਬੀਆਂ ਨੇ ਇਹ ਪੁਸਤਕ ਹੁਣ ਤਕ ਪੜ੍ਹ ਲਈ ਹੋਵੇਗੀ। ਜਿਨ੍ਹਾਂ ਨੇ ਅਜੇ ਤਕ ਵੀ ਨਹੀਂ ਪੜ੍ਹੀ, ਉਨ੍ਹਾਂ ਨੂੰ ਮੇਰਾ ਤਹਿ-ਦਿਲੋਂ ਸੁਝਾਅ ਹੈ ਕਿ ‘ਮੇਰਾ ਪਿੰਡ’ ਨੂੰ ਜ਼ਰੂਰ ਪੜ੍ਹਿਆ ਜਾਵੇ। ਹੁਣ ਤਾਂ ਇਸ ਪੁਸਤਕ ਨੂੰ ਬਹੁਤ ਖੂਬਸੂਰਤ ਦਿੱਖ ਤੇ ਕੁਝ ਵੱਡੇ ਆਕਾਰ ਵਿਚ ਗਿਆਨੀ ਜੀ ਦੇ ਸਪੁੱਤਰ ਸਰਦਾਰ ਰੂਪਿੰਦਰ ਸਿੰਘ ਨੇ ਛਪਵਾ ਕੇ ਪਾਠਕਾਂ ਤੱਕ ਪੁੱਜਦਾ ਕੀਤਾ ਹੈ। ਗਿਆਨੀ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਇਕ ਅਖਬਾਰ ਦੇ ਦਫਤਰ ਵਿਚ ਹੋਈ ਸੀ। ਜਦ ਮੈਨੂੰ ਦੱਸਿਆ ਗਿਆ ਸੀ ਕਿ ਇਹੀ ਸਾਡੇ ਗਿਆਨੀ ਗੁਰਦਿੱਤ ਸਿੰਘ ਜੀ ਹਨ ਤਾਂ ਇਕਦਮ ਮੇਰਾ ਧਿਆਨ ‘ਮੇਰਾ ਪਿੰਡ’ ਵੱਲ ਵੀ ਖਿੱਚਿਆ ਗਿਆ ਸੀ। ਉਦੋਂ ਇਸ ਗੱਲ ਦਾ ਤੀਬਰ ਅਹਿਸਾਸ ਹੋਇਆ ਸੀ ਕਿ ਕਿਵੇਂ ਇਕ ਸਟੇਜ ’ਤੇ ਆ ਕੇ ਕਰਤਾ ਤੇ ਕਿਰਤ ਇਕਮਿਕ ਹੋ ਜਾਂਦੇ ਹਨ। ਅੱਜ ਵੀ ਜਦ ‘ਮੇਰਾ ਪਿੰਡ’ ਦੁਬਾਰਾ ਪੜ੍ਹਦਾ ਹਾਂ ਤਾਂ ਗਿਆਨੀ ਜੀ ਦੀ ਦਰਵੇਸ਼ੀ ਸੂਰਤ ਅੱਖਾਂ ਸਾਹਮਣੇ ਆ ਖੜੋਂਦੀ ਹੈ ਤੇ ਮੇਰਾ ਮਨ-ਮਸਤਕ ਸੂਖ਼ਮ ਰੂਪ ਵਿਚ ਬਦੋਬਦੀ ਉਨ੍ਹਾਂ ਦੇ ਚਰਨਾਂ ਵੱਲ ਝੁਕ ਜਾਂਦਾ ਹੈ।
The article was published in Punjab Tribune on January 8, 2012.