February 24 marks the birth anniversary of Giani Gurdit Singh ji. He would have been 90 this year. A pioneer journalist, an accomplished author, an interpreter of religious scriptures, a reformist and in institution builder, Giani Gurdit Singh was truly a great soul.
We miss him even as we continue his work. On his anniversary, we remembered him, talked about him and Prof Nav Sangeet Singh wrote the following article, which was published in the Punjabi Tribune.
ਆਧੁਨਿਕ ਪੰਜਾਬੀ ਵਾਰਤਕ ਦਾ ਮੂੰਹ-ਮੱਥਾ ਸਜਾਉਣ, ਸੰਵਾਰਨ ਤੇ ਸ਼ਿੰਗਾਰਨ ਵਿੱਚ ‘ਮੇਰਾ ਪਿੰਡ’ ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਨੂੰ ਇਕ ਸਫ਼ਲ ਵਾਰਤਕਕਾਰ ਦੇ ਨਾਲ-ਨਾਲ ਜੀਵਨੀਕਾਰ, ਸਿੱਖ ਇਤਿਹਾਸ ਦਾ ਸਕਾਲਰ, ਗੁਰਬਾਣੀ ਦਾ ਵਿਆਖਿਆਕਾਰ ਅਤੇ ਸਫ਼ਲ ਸੰਪਾਦਕ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 24 ਫਰਵਰੀ 1923 ਈ. ਨੂੰ ਸ੍ਰੀ ਹੀਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ ਵਿਖੇ ਹੋਇਆ।
ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ 1944-45 ਵਿੱਚ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਬੀਬੀ ਇੰਦਰਜੀਤ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਨ੍ਹਾਂ ਦੇ ਘਰ ਦੋ ਲੜਕੇ ਰੂਪਿੰਦਰ ਸਿੰਘ (1960) ਅਤੇ ਰਵੀਇੰਦਰ ਸਿੰਘ (1961) ਪੈਦਾ ਹੋਏ। ਸ਼ਾਇਦ ਬਹੁਤੇ ਪਾਠਕਾਂ ਨੂੰ ਪਤਾ ਨਾ ਹੋਵੇ ਕਿ ਸ੍ਰੀਮਤੀ ਇੰਦਰਜੀਤ ਕੌਰ ਸੱਤਰਵਿਆਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ ਅਤੇ ਉਹ ਯੂਨੀਵਰਸਿਟੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਪਹਿਲੇ ਅਤੇ ਇਕਲੌਤੇ ਮਹਿਲਾ ਵੀ.ਸੀ. ਸਨ।
ਗਿਆਨੀ ਜੀ ਨੇ ਸਾਰੀ ਉਮਰ ਪੱਤਰਕਾਰੀ ਅਤੇ ਸਾਹਿਤ-ਰਚਨਾ ਹੀ ਕੀਤੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:
* ਕਵਿਤਾ: ਅਛੋਹ ਸਿਖਰਾਂ (1950), ਭਾਵਾਂ ਦੇ ਦੇਸ਼ (1952)।
* ਖੋਜ ਅਤੇ ਆਲੋਚਨਾ: ਰਾਗ ਮਾਲਾ ਦੀ ਅਸਲੀਅਤ (1946), ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ, ਭੱਟ ਤੇ ਉਨ੍ਹਾਂ ਦੀ ਰਚਨਾ (1960)।
* ਵਾਰਤਕ: ਮੇਰਾ ਪਿੰਡ (1961, 63, 74, 81, 95, ਇਸ ਪੁਸਤਕ ਦਾ ਹਿੰਦੀ ਅਨੁਵਾਦ ਵੀ ਛਪਿਆ), ਤਿੱਥ ਤਿਉਹਾਰ, ਮੇਰੇ ਪਿੰਡ ਦਾ ਜੀਵਨ।
* ਜੀਵਨੀ: ਭਾਈ ਲਾਲੋ ਦਰਸ਼ਨ (1987), ਸਿੱਖ ਮਹਾਂਪੁਰਸ਼, ਸੰਖੇਪ ਜੀਵਨੀਆਂ (ਭਾਈ ਦਿੱਤ ਸਿੰਘ, ਰਾਗੀ ਹੀਰਾ ਸਿੰਘ, ਭਾਈ ਰਣਧੀਰ ਸਿੰਘ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ, ਅਕਾਲੀ ਕੌਰ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰਿੰ. ਤੇਜਾ ਸਿੰਘ, ਭਾਈ ਜਵਾਹਰ ਸਿੰਘ ਕਪੂਰ, ਸੰਤ ਹਰਚੰਦ ਸਿੰਘ ਲੌਂਗੋਵਾਲ, ਗਿਆਨ ਸਿੰਘ ਰਾੜੇਵਾਲ, ਸ. ਹੁਕਮ ਸਿੰਘ, ਮਹਾਰਾਜਾ ਅਸ਼ੋਕ, ਮਹਾਤਮਾ ਬੁੱਧ, ਕਿੱਕਰ ਸਿੰਘ ਪਹਿਲਵਾਨ)।
* ਸੱਭਿਆਚਾਰ ਤੇ ਇਤਿਹਾਸ: ਸਿੰਘ ਸਭਾ ਲਹਿਰ ਦੀ ਦੇਣ, ਪੰਜਾਬ ਦੇ ਤਖ਼ਤਾਂ ਦਾ ਇਤਿਹਾਸ (1965), ਪੰਜਾਬੀ ਸੱਭਿਆਚਾਰ (1987)।
* ਧਰਮ ਤੇ ਫ਼ਲਸਫਾ: ਜੀਵਨ ਦਾ ਉਸਰੱਈਆ—ਸ੍ਰੀ ਗੁਰੂ ਨਾਨਕ ਦੇਵ ਜੀ (1947), ਸਿੱਖ ਧਾਮ ਤੇ ਸਿੱਖ ਗੁਰਦੁਆਰੇ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ (1990)।
* ਸੰਪਾਦਨ: ਅਮਰਨਾਮਾ (1950), ਲੋਕ ਕਹਾਣੀਆਂ (ਤਿੰਨ ਜਿਲਦਾਂ, 1977; ਤਿੰਨੇ ਜਿਲਦਾਂ ਸੰਮਿਲਿਤ ਰੂਪ ਵਿੱਚ 1987)।
‘ਮੇਰਾ ਪਿੰਡ’ ਪੁਸਤਕ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਕੋਸ਼ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਇਹ ਪੁਸਤਕ ‘ਕਲਾਸਿਕ’ ਹੋਣ ਦਾ ਦਰਜਾ ਰੱਖਦੀ ਹੈ। ਪੰਜਾਬੀ ਸੱਭਿਅਤਾ ਤੇ ਸੰਸਕ੍ਰਿਤੀ ਦਾ ਜੋ ਭਰਪੂਰ ਚਿੱਤਰ ਇਸ ਵਿੱਚ ਮਿਲਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਇਸ ਵਿੱਚ ਲੇਖਕ ਦਾ ਲਿਖਣ ਢੰਗ, ਮੁਹਾਵਰੇਦਾਰ ਬੋਲੀ ਅਤੇ ਲੋਕ-ਅਖ਼ੌਤਾਂ ਦਾ ਭਰਪੂਰ ਖ਼ਜ਼ਾਨਾ ਹੈ। ਪੇਂਡੂ ਲੋਕਾਂ ਦੀਆਂ ਮਨੌਤਾਂ, ਆਰਥਕ ਮੁਸ਼ਕਲਾਂ, ਵਹਿਮਾਂ-ਭਰਮਾਂ ਤੇ ਲੋਪ ਹੋ ਰਹੇ ਪੱਖਾਂ ਨੂੰ ਨਿਵੇਕਲੀ ਤਰ੍ਹਾਂ ਚਿੱਤਰਿਆ ਗਿਆ ਹੈ।
ਗਿਆਨੀ ਜੀ ਨੇ ‘ਜੀਵਨ ਸੰਦੇਸ਼’ (ਪਟਿਆਲਾ, ਮਾਸਿਕ 1950-53), ‘ਪ੍ਰਕਾਸ਼’ (ਪਟਿਆਲਾ, ਸਪਤਾਹਿਕ 1947-50, ਰੋਜ਼ਾਨਾ 1950-69, ਮੁੜ ਸਪਤਾਹਿਕ 1969-80) ਅਤੇ ‘ਸਿੰਘ ਸਭਾ ਪੱਤ੍ਰਿਕਾ’ (ਚੰਡੀਗੜ੍ਹ) ਦਾ ਸਫ਼ਲ ਸੰਪਾਦਨ ਵੀ ਕੀਤਾ।
ਉਨ੍ਹਾਂ ਨੇ ਧਰਮ ਅਰਥ ਬੋਰਡ ਪਟਿਆਲਾ ਦੇ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਜਨਰਲ ਸਕੱਤਰ (1973-83), ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ (1983-93) ਅਤੇ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਪ੍ਰਧਾਨ (1956-62) ਦੇ ਅਹੁਦਿਆਂ ਨੂੰ ਜ਼ਿੰਮੇਵਾਰੀ ਅਤੇ ਸੂਝਬੂਝ ਨਾਲ ਸੰਭਾਲਿਆ।
ਗਿਆਨੀ ਜੀ ਉਨ੍ਹਾਂ ਦੀਆਂ ਵਿਭਿੰਨ ਪੁਸਤਕਾਂ ਲਈ ਬਹੁਤ ਸਾਰੇ ਇਨਾਮ-ਸਨਮਾਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਪ੍ਰਮੁੱਖ ਹਨ: ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਮੇਰਾ ਪਿੰਡ’ ਤੇ ਪੁਰਸਕਾਰ (1961), ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਰਾਹੀਂ ਯੂਨੈਸਕੋ ਵੱਲੋਂ ‘ਤਿੱਥ ਤਿਉਹਾਰ’ ‘ਤੇ ਪੁਰਸਕਾਰ (1967), ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਰਾਹੀਂ ਯੂਨੈਸਕੋ ਵੱਲੋਂ ‘ਮੇਰੇ ਪਿੰਡ ਦਾ ਜੀਵਨ’ ‘ਤੇ ਪੁਰਸਕਾਰ (1969), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ’ ‘ਤੇ ਪੰਦਰਾਂ ਹਜ਼ਾਰ ਰੁਪਏ ਦਾ ਪੁਰਸਕਾਰ ਅਤੇ ‘ਗੁਰਮਤਿ ਆਚਾਰੀਆ’ ਦੀ ਉਪਾਧੀ, ਗੁਰਦੁਆਰਾ ਐਸੋਸੀਏਸ਼ਨ ਵੂਲਰ, ਲੰਡਨ; ਸਿੱਖ ਕਲਚਰ ਸੁਸਾਇਟੀ ਵੈਨਕੂਵਰ, ਕੈਨੇਡਾ; ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿਲ, ਅਮਰੀਕਾ ਵੱਲੋਂ ਸਨਮਾਨ (1990), ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਨਰੇਰੀ ਫੈਲੋਸ਼ਿਪ; ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ’ ਐਵਾਰਡ-98 ਲਈ (2002)।
ਸਿੱਖ ਇਤਿਹਾਸ, ਗੁਰਬਾਣੀ ਅਤੇ ਪੰਜਾਬੀ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਵਿੱਚ ਪਹੁੰਚਾਉਣ ਵਾਲਾ ਇਹ ਲੇਖਕ 17 ਜਨਵਰੀ 2007 ਨੂੰ ਸਾਨੂੰੂ ਸਦੀਵੀ ਵਿਛੋੜਾ ਦੇ ਗਿਆ। ਪੰਜਾਬੀ ਜਨਜੀਵਨ ਨੂੰ ਵੇਖਣ, ਸਮਝਣ ਅਤੇ ਜਾਣਨ ਦੇ ਇੱਛੁਕ ਪਾਠਕਾਂ ਦੇ ਹਿਰਦਿਆਂ ਵਿੱਚ ਗਿਆਨੀ ਜੀ ਦਾ ਨਾਂ ਹਮੇਸ਼ਾ ਜੀਵਿਤ ਰਹੇਗਾ।
-ਪ੍ਰੋ. ਨਵ ਸੰਗੀਤ ਸਿੰਘ
This article was published in Punjabi Tribune on February 24, 2013.